ਬਾਈਬਲ · Indian Revised Version (Punjabi)
ਜ਼ਬੂਰ 98
1 ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਕਿਉਂ ਜੋ ਉਹ ਨੇ ਅਚਰਜ਼ ਕੰਮ ਕੀਤੇ ਹਨ, ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫ਼ਤਹ ਪਾਈ ਹੈ।
2 ਯਹੋਵਾਹ ਨੇ ਆਪਣੀ ਫ਼ਤਹ ਪਰਗਟ ਕੀਤੀ ਹੈ, ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ।
3 ਉਹ ਨੇ ਆਪਣੀ ਦਯਾ ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫ਼ਤਹ ਨੂੰ ਡਿੱਠਾ ਹੈ।
4 ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ,
5 ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ, ਰਸੀਲੇ ਸੁਰ ਨਾਲ ਬਰਬਤ ਵਜਾ ਕੇ
6 ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ।
7 ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ, ਜਗਤ ਅਤੇ ਉਹ ਦੇ ਵਾਸੀ ਵੀ।
8 ਨਦੀਆਂ ਤਾਲ ਦੇਣ, ਪਰਬਤ ਰਲ ਕੇ ਜੈ ਜੈ ਕਾਰ ਕਰਨ,
9 ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ।
Indian Revised Version (Punjabi) — © 2017, 2019 Bridge Connectivity Solutions — CC BY-SA 4.0