ਬਾਈਬਲ · Indian Revised Version (Punjabi)

ਜ਼ਬੂਰ 101

1 ਮੈਂ ਤੇਰੀ ਦਯਾ ਅਤੇ ਨਿਆਂ ਵਿਖੇ ਗਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਲਈ ਭਜਨ ਗਾਵਾਂਗਾ।

2 ਮੈਂ ਪੂਰੇ ਰਾਹ ਵਿੱਚ ਸਿਆਣਾ ਬਣ ਕੇ ਚੱਲਾਂਗਾ, ਤੂੰ ਮੇਰੇ ਕੋਲ ਕਦੋਂ ਆਵੇਂਗਾ? ਮੈਂ ਆਪਣੇ ਘਰ ਵਿੱਚ ਪੂਰੇ ਮਨ ਨਾਲ ਫਿਰਾਂਗਾ।

3 ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ, ਫਿਰਤੂਆਂ ਦੀ ਕਰਤੂਤ ਤੋਂ ਮੈਨੂੰ ਘਿਣ ਹੈ, ਉਹ ਮੈਨੂੰ ਨਾ ਚੰਬੜੇਗੀ

4 ਮਨ ਦਾ ਕੁੱਬਾਪੁਣਾ ਮੈਥੋਂ ਦੂਰ ਰਹੇਗਾ, ਮੈਂ ਬੁਰਿਆਈ ਨੂੰ ਨਾ ਜਾਣਾਂਗਾ।

5 ਜਿਹੜਾ ਓਹਲੇ ਵਿੱਚ ਆਪਣੇ ਗੁਆਂਢੀ ਦੀ ਚੁਗਲੀ ਕਰਦਾ ਹੈ, ਮੈਂ ਉਹ ਨੂੰ ਮਿਟਾ ਦਿਆਂਗਾ, ਉੱਚੀ ਅੱਖ ਤੇ ਮਨ ਦੀ ਆਕੜ ਨੂੰ ਮੈਂ ਨਹੀਂ ਝੱਲਾਂਗਾ।

6 ਮੇਰੀ ਨਿਗਾਹ ਦੇਸ ਦੇ ਸਚਿਆਰਾਂ ਉੱਤੇ ਰਹੇਗੀ ਕਿ ਓਹ ਮੇਰੇ ਨਾਲ ਵੱਸਣ, ਜਿਹੜਾ ਪੂਰੇ ਰਾਹ ਵਿੱਚ ਚੱਲਦਾ ਹੈ ਉਹ ਮੇਰੀ ਸੇਵਾ ਕਰੇਗਾ।

7 ਛਲੀਆ ਮੇਰੇ ਘਰ ਵਿੱਚ ਨਾ ਵੱਸੇਗਾ, ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ।

8 ਹਰ ਸਵੇਰ ਨੂੰ ਮੈਂ ਦੇਸ ਦਿਆਂ ਸਾਰਿਆਂ ਦੁਸ਼ਟਾਂ ਨੂੰ ਮਿਟਾਇਆ ਕਰਾਂਗਾ, ਤਾਂ ਜੋ ਯਹੋਵਾਹ ਦੇ ਸ਼ਹਿਰ ਵਿੱਚੋਂ ਸਾਰੇ ਕੁਕਰਮੀਆਂ ਦਾ ਨਾਸ ਕਰ ਦੇਵਾਂ।

Indian Revised Version (Punjabi) — © 2017, 2019 Bridge Connectivity Solutions — CC BY-SA 4.0