ਬਾਈਬਲ · Indian Revised Version (Punjabi)

ਜ਼ਬੂਰ 135

1 ਹਲਲੂਯਾਹ! ਯਹੋਵਾਹ ਦੇ ਨਾਮ ਦੀ ਉਸਤਤ ਕਰੋ, ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ!

2 ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ, ਸਾਡੇ ਪਰਮੇਸ਼ੁਰ ਦੀਆਂ ਬਾਰਗਾਹਾਂ ਵਿੱਚ ਸੇਵਾ ਕਰਦੇ ਰਹਿੰਦੇ ਹੋ,

3 ਯਹੋਵਾਹ ਦੀ ਉਸਤਤ ਕਰੋ ਕਿਉਂ ਜੋ ਯਹੋਵਾਹ ਭਲਾ ਹੈ, ਉਸ ਦੇ ਨਾਮ ਦਾ ਭਜਨ ਕਰੋ ਕਿਉਂ ਜੋ ਇਹ ਸੋਹਣਾ ਹੈ!

4 ਯਹੋਵਾਹ ਨੇ ਯਾਕੂਬ ਨੂੰ ਆਪਣੇ ਹੀ ਲਈ, ਅਤੇ ਇਸਰਾਏਲ ਨੂੰ ਆਪਣੀ ਖ਼ਾਸ ਮਿਲਖ਼ ਲਈ ਚੁਣ ਲਿਆ ਹੈ।

5 ਸੱਚ-ਮੁੱਚ ਮੈਂ ਜਾਣ ਲਿਆ ਹੈ ਕਿ ਯਹੋਵਾਹ, ਹਾਂ, ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਵੀ ਮਹਾਨ ਹੈ।

6 ਜੋ ਕੁਝ ਯਹੋਵਾਹ ਨੇ ਚਾਹਿਆ, ਉਹ ਨੇ ਅਕਾਸ਼ ਵਿੱਚ, ਧਰਤੀ ਵਿੱਚ, ਸਮੁੰਦਰਾਂ ਵਿੱਚ ਅਤੇ ਡੁੰਘਿਆਈਆਂ ਵਿੱਚ ਕੀਤਾ!

7 ਉਹ ਧਰਤੀ ਦੀਆਂ ਹੱਦਾਂ ਤੋਂ ਭਾਫ਼ ਨੂੰ ਉਤਾਹਾਂ ਲਿਆਉਂਦਾ, ਉਹ ਮੀਂਹ ਲਈ ਬਿਜਲੀਆਂ ਬਣਾਉਂਦਾ, ਆਪਣਿਆਂ ਖਜ਼ਾਨਿਆਂ ਤੋਂ ਹਵਾ ਬਾਹਰ ਲਿਆਉਂਦਾ ਹੈ,

8 ਜਿਸ ਨੇ ਮਿਸਰ ਦੇ ਪਹਿਲੌਠਿਆਂ ਨੂੰ ਮਾਰਿਆ, ਇਨਸਾਨ ਤੋਂ ਲੈ ਕੇ ਡੰਗਰ ਤੱਕ।

9 ਹੇ ਮਿਸਰ, ਉਸ ਨੇ ਤੇਰੇ ਵਿਚਕਾਰ ਨਿਸ਼ਾਨ ਤੇ ਅਚੰਭੇ ਭੇਜੇ, ਫ਼ਿਰਊਨ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ,

10 ਜਿਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਦਿੱਤਾ, ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ,

11 ਅਰਥਾਤ ਅਮੋਰੀਆਂ ਦੇ ਰਾਜੇ ਸੀਹੋਨ ਨੂੰ, ਬਾਸ਼ਾਨ ਦੇ ਰਾਜੇ ਓਗ ਨੂੰ, ਅਤੇ ਕਨਾਨ ਦੇ ਰਾਜੇ ਰਜਵਾੜਿਆਂ ਨੂੰ।

12 ਅਤੇ ਉਹ ਨੇ ਉਨ੍ਹਾਂ ਦੇ ਦੇਸ ਮਿਰਾਸ ਵਿੱਚ, ਅਰਥਾਤ ਆਪਣੀ ਪਰਜਾ ਇਸਰਾਏਲ ਦੀ ਮਿਰਾਸ ਵਿੱਚ ਦਿੱਤੇ।

13 ਹੇ ਯਹੋਵਾਹ, ਤੇਰਾ ਨਾਮ ਸਦੀਪਕ ਹੈ, ਹੇ ਯਹੋਵਾਹ, ਤੇਰੀ ਯਾਦਗਾਰ ਪੀੜ੍ਹੀਓਂ ਪੀੜ੍ਹੀ ਤੱਕ ਹੈ!

14 ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ।

15 ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ।

16 ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ,

17 ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ!

18 ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ!।

19 ਹੇ ਇਸਰਾਏਲ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ! ਹੇ ਹਾਰੂਨ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ!

20 ਹੇ ਲੇਵੀ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ, ਹੇ ਯਹੋਵਾਹ ਦੇ ਭੈਅ ਮੰਨਣ ਵਾਲਿਓ, ਯਹੋਵਾਹ ਨੂੰ ਮੁਬਾਰਕ ਆਖੋ!

21 ਯਹੋਵਾਹ ਸੀਯੋਨ ਤੋਂ ਮੁਬਾਰਕ ਹੋਵੇ, ਉਹ ਜਿਹੜਾ ਯਰੂਸ਼ਲਮ ਦਾ ਵਾਸੀ ਹੈ! ਹਲਲੂਯਾਹ!

Indian Revised Version (Punjabi) — © 2017, 2019 Bridge Connectivity Solutions — CC BY-SA 4.0