ਬਾਈਬਲ · Indian Revised Version (Punjabi)
ਸਫ਼ਨਯਾਹ 2
1 ਹੇ ਨਿਰਲੱਜ ਕੌਮ, ਆਪਣੇ ਆਪ ਨੂੰ ਇਕੱਠੇ ਕਰੋ, ਹਾਂ, ਇਕੱਠੇ ਹੋ ਜਾਓ,
2 ਇਸ ਤੋਂ ਪਹਿਲਾਂ ਕਿ ਦੰਡ ਦਾ ਹੁਕਮ ਕਾਇਮ ਹੋਵੇ ਅਤੇ ਦਿਨ ਤੂੜੀ ਵਾਂਗੂੰ ਲੰਘ ਜਾਵੇ, ਇਸ ਤੋਂ ਪਹਿਲਾਂ ਕਿ ਯਹੋਵਾਹ ਦਾ ਭੜਕਿਆ ਹੋਇਆ ਕ੍ਰੋਧ ਤੁਹਾਡੇ ਉੱਤੇ ਆਵੇ, ਇਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆ ਪਵੇ!
3 ਹੇ ਧਰਤੀ ਦੇ ਸਾਰੇ ਦੀਨ ਲੋਕੋ, ਤੁਸੀਂ ਯਹੋਵਾਹ ਨੂੰ ਭਾਲੋ, ਤੁਸੀਂ ਜਿਨ੍ਹਾਂ ਨੇ ਉਹ ਦੇ ਨਿਯਮਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਦੀਨਤਾ ਨੂੰ ਭਾਲੋ, ਸ਼ਾਇਦ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁਕੇ ਰਹੋ!
4 ਅੱਜ਼ਾਹ ਸ਼ਹਿਰ ਤਾਂ ਤਿਆਗਿਆ ਜਾਵੇਗਾ, ਅਤੇ ਸ਼ਹਿਰ ਅਸ਼ਕਲੋਨ ਵਿਰਾਨ ਹੋ ਜਾਵੇਗਾ, ਉਹ ਦਿਨ-ਦੁਪਹਿਰੇ ਅਸ਼ਦੋਦ ਦੇ ਸ਼ਹਿਰ ਨੂੰ ਧੱਕ ਦੇਣਗੇ ਅਤੇ ਅਕਰੋਨ ਸ਼ਹਿਰ ਪੁੱਟਿਆ ਜਾਵੇਗਾ।
5 ਸਮੁੰਦਰੀ ਕੰਢੇ ਦੇ ਵਾਸੀਆਂ ਉੱਤੇ ਹਾਏ, ਕਰੇਤੀਆਂ ਦੀ ਕੌਮ ਉੱਤੇ ਹਾਏ! ਹੇ ਕਨਾਨ, ਫ਼ਲਿਸਤੀਆਂ ਦੇ ਦੇਸ਼, ਯਹੋਵਾਹ ਦਾ ਬਚਨ ਤੇਰੇ ਵਿਰੁੱਧ ਹੈ, ਮੈਂ ਤੈਨੂੰ ਅਜਿਹਾ ਨਾਸ ਕਰਾਂਗਾ ਕਿ ਤੇਰਾ ਕੋਈ ਵਾਸੀ ਨਾ ਬਚੇਗਾ!
6 ਸਮੁੰਦਰੀ ਕੰਢਾ ਚਾਰਗਾਹ ਹੋਵੇਗਾ, ਜਿੱਥੇ ਅਯਾਲੀਆਂ ਦੇ ਨਿਵਾਸ ਅਤੇ ਇੱਜੜਾਂ ਦੇ ਵਾੜੇ ਹੋਣਗੇ।
7 ਉਹੋ ਕੰਢਾ ਯਹੂਦਾਹ ਦੇ ਘਰਾਣੇ ਦੇ ਬਚੇ ਹੋਏ ਲੋਕਾਂ ਲਈ ਹੋਵੇਗਾ, ਉਹ ਆਪਣੇ ਇੱਜੜਾਂ ਨੂੰ ਉੱਥੇ ਚਾਰਨਗੇ, ਉਹ ਅਸ਼ਕਲੋਨ ਦੇ ਘਰਾਂ ਵਿੱਚ ਸ਼ਾਮ ਨੂੰ ਲੇਟਣਗੇ, ਕਿਉਂ ਜੋ ਯਹੋਵਾਹ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੀ ਸੁੱਧ ਲਵੇਗਾ ਅਤੇ ਉਹਨਾਂ ਨੂੰ ਗੁਲਾਮੀ ਤੋਂ ਮੋੜ ਲਿਆਵੇਗਾ।
8 ਮੈਂ ਮੋਆਬ ਦਾ ਉਲਾਹਮਾ ਅਤੇ ਅੰਮੋਨੀਆਂ ਦੀ ਨਿੰਦਾ ਨੂੰ ਸੁਣਿਆ ਹੈ ਕਿ ਉਹ ਮੇਰੀ ਪਰਜਾ ਨੂੰ ਕਿਵੇਂ ਉਲਾਹਮੇ ਦਿੰਦੇ ਹਨ ਅਤੇ ਉਹਨਾਂ ਦੀਆਂ ਹੱਦਾਂ ਉੱਤੇ ਸ਼ੇਖੀ ਮਾਰਦੇ ਹਨ।
9 ਮੇਰੇ ਜੀਵਨ ਦੀ ਸਹੁੰ! ਇਸਰਾਏਲ ਦੇ ਪਰਮੇਸ਼ੁਰ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੋਆਬ ਜ਼ਰੂਰ ਸਦੂਮ ਵਰਗਾ ਹੋ ਜਾਵੇਗਾ ਅਤੇ ਅੰਮੋਨੀ ਅਮੂਰਾਹ ਵਰਗੇ, ਉਹ ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਖਾਣ ਬਣ ਜਾਣਗੇ ਅਤੇ ਸਦਾ ਵਿਰਾਨ ਰਹਿਣਗੇ, - ਮੇਰੀ ਪਰਜਾ ਦੇ ਬਚੇ ਹੋਏ ਲੋਕ ਉਹਨਾਂ ਨੂੰ ਲੁੱਟਣਗੇ ਅਤੇ ਮੇਰੀ ਕੌਮ ਦੇ ਬਚੇ ਹੋਏ ਉਹਨਾਂ ਉੱਤੇ ਕਬਜ਼ਾ ਕਰਨਗੇ।
10 ਇਹ ਉਹਨਾਂ ਦੇ ਹੰਕਾਰ ਦਾ ਬਦਲਾ ਹੋਵੇਗਾ, ਕਿਉਂ ਜੋ ਉਹਨਾਂ ਨੇ ਸੈਨਾਂ ਦੇ ਯਹੋਵਾਹ ਦੀ ਪਰਜਾ ਨੂੰ ਉਲਾਹਮਾ ਦਿੱਤਾ ਅਤੇ ਉਹਨਾਂ ਦੇ ਅੱਗੇ ਆਪਣੀ ਵਡਿਆਈ ਕੀਤੀ।
11 ਯਹੋਵਾਹ ਉਹਨਾਂ ਦੇ ਵਿਰੁੱਧ ਭਿਆਨਕ ਹੋਵੇਗਾ, ਜਦ ਉਹ ਧਰਤੀ ਦੇ ਸਾਰੇ ਦੇਵਤਿਆਂ ਨੂੰ ਭੁੱਖਾ ਮਾਰੇਗਾ ਅਤੇ ਮਨੁੱਖ ਆਪੋ ਆਪਣੇ ਸਥਾਨਾਂ ਤੋਂ ਉਹ ਦੇ ਅੱਗੇ ਮੱਥਾ ਟੇਕਣਗੇ, ਹਾਂ, ਸਾਰੀਆਂ ਕੌਮਾਂ ਦੇ ਟਾਪੂ ਵੀ।
12 ਹੇ ਕੂਸ਼ੀਓ, ਤੁਸੀਂ ਵੀ ਮੇਰੀ ਤਲਵਾਰ ਨਾਲ ਵੱਢੇ ਜਾਓਗੇ,
13 ਉਹ ਆਪਣਾ ਹੱਥ ਉੱਤਰ ਵੱਲ ਵੀ ਚੁੱਕੇਗਾ ਅਤੇ ਅੱਸ਼ੂਰ ਨੂੰ ਬਰਬਾਦ ਕਰੇਗਾ ਅਤੇ ਨੀਨਵਾਹ ਨੂੰ ਵਿਰਾਨ ਬਣਾਵੇਗਾ ਅਤੇ ਉਜਾੜ ਵਾਂਗੂੰ ਸੁਕਾ ਦੇਵੇਗਾ।
14 ਵੱਗ ਉਸ ਦੇ ਵਿੱਚ ਲੇਟਣਗੇ, ਸਾਰੀਆਂ ਪ੍ਰਜਾਤੀਆਂ ਦੇ ਜੰਗਲੀ ਜਾਨਵਰ ਉੱਥੇ ਝੁੰਡ ਬਣਾ ਕੇ ਬੈਠਣਗੇ, ਲੰਮਢੀਂਗ ਅਤੇ ਕੰਡੈਲਾ ਉਸ ਦੇ ਥੰਮ੍ਹਾਂ ਦੀਆਂ ਦਰਾਰਾਂ ਵਿੱਚ ਟਿਕਣਗੇ, ਉਹ ਦੀਆਂ ਖਿੜਕੀਆਂ ਵਿੱਚ ਉਨ੍ਹਾਂ ਦੀ ਅਵਾਜ਼ ਗੂੰਜੇਗੀ, ਉਹ ਦੀਆਂ ਚੌਖਟਾਂ ਤਬਾਹ ਹੋ ਜਾਣਗੀਆਂ, ਕਿਉਂਕਿ ਦਿਆਰ ਦੀ ਲੱਕੜੀ ਨੰਗੀ ਹੋ ਜਾਵੇਗੀ।
15 ਇਹ ਉਹੋ ਮਗਨ ਰਹਿਣ ਵਾਲਾ ਸ਼ਹਿਰ ਹੈ, ਜਿਹੜਾ ਨਿਸ਼ਚਿੰਤ ਰਿਹਾ, ਜਿਸ ਨੇ ਆਪਣੇ ਮਨ ਵਿੱਚ ਆਖਿਆ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਹੈ ਹੀ ਨਹੀਂ, - ਉਹ ਕਿਵੇਂ ਵਿਰਾਨ ਹੋ ਗਿਆ, ਉਹ ਜੰਗਲੀ ਜਾਨਵਰਾਂ ਦੇ ਬੈਠਣ ਦਾ ਸਥਾਨ ਬਣ ਗਿਆ! ਜੋ ਕੋਈ ਉਸ ਦੇ ਕੋਲੋਂ ਲੰਘੇਗਾ, ਉਹ ਉਸ ਦਾ ਮਖ਼ੌਲ ਉਡਾਵੇਗਾ ਅਤੇ ਉਸ ਵੱਲ ਉਂਗਲ ਕਰੇਗਾ।
Indian Revised Version (Punjabi) — © 2017, 2019 Bridge Connectivity Solutions — CC BY-SA 4.0