ਬਾਈਬਲ · Indian Revised Version (Punjabi)
ਯੂਹੰਨਾ ਦੇ ਪਰਕਾਸ਼ ਦੀ ਪੋਥੀ 5
1 ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਮੈਂ ਉਹ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਵੇਖੀ, ਜੋ ਅੰਦਰੋਂ ਬਾਹਰੋਂ ਲਿਖੀ ਹੋਈ ਅਤੇ ਸੱਤਾਂ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ।
2 ਅਤੇ ਮੈਂ ਇੱਕ ਬਲਵਾਨ ਦੂਤ ਨੂੰ ਵੱਡੀ ਅਵਾਜ਼ ਨਾਲ ਇਹ ਪਰਚਾਰ ਕਰਦੇ ਵੇਖਿਆ ਕਿ ਪੋਥੀ ਨੂੰ ਖੋਲ੍ਹਣ ਅਤੇ ਉਹ ਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਕੌਣ ਹੈ?
3 ਨਾ ਸਵਰਗ ਵਿੱਚ, ਨਾ ਧਰਤੀ ਉੱਤੇ, ਨਾ ਧਰਤੀ ਦੇ ਹੇਠ ਕੋਈ ਸੀ, ਜੋ ਉਸ ਪੋਥੀ ਨੂੰ ਖੋਲ੍ਹਣ ਅਤੇ ਪੜ੍ਹਨ ਦੇ ਯੋਗ ਹੋਵੇ।
4 ਤਾਂ ਮੈਂ ਬਹੁਤ ਰੋਇਆ, ਕਿਉਂਕਿ ਉਸ ਪੋਥੀ ਦੇ ਖੋਲ੍ਹਣ ਜਾਂ ਉਸ ਉੱਤੇ ਨਿਗਾਹ ਕਰਨ ਦੇ ਯੋਗ ਕੋਈ ਨਾ ਨਿੱਕਲਿਆ।
5 ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, ਨਾ ਰੋ! ਵੇਖ, ਉਹ ਬੱਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ ਅਤੇ “ਦਾਊਦ ਦੀ ਜੜ੍ਹ” ਹੈ, ਉਹ ਇਸ ਪੋਥੀ ਅਤੇ ਉਹ ਦੀਆਂ ਸੱਤਾਂ ਮੋਹਰਾਂ ਦੇ ਖੋਲ੍ਹਣ ਲਈ ਜਿੱਤ ਗਿਆ ਹੈ।
6 ਅਤੇ ਮੈਂ ਸਿੰਘਾਸਣ ਅਤੇ ਚਾਰ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਜਿਵੇਂ ਬਲੀਦਾਨ ਕੀਤਾ ਹੋਇਆ ਸੀ ਖਲੋਤਾ ਵੇਖਿਆ, ਜਿਹ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਭੇਜੇ ਹੋਏ ਹਨ।
7 ਅਤੇ ਉਹ ਨੇ ਆ ਕੇ ਉਸ ਦੇ ਸੱਜੇ ਹੱਥੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਉਹ ਪੋਥੀ ਲੈ ਲਈ।
8 ਅਤੇ ਜਦੋਂ ਉਹ ਨੇ ਪੋਥੀ ਲੈ ਲਈ ਤਾਂ ਚਾਰੇ ਪ੍ਰਾਣੀ ਅਤੇ ਚੌਵੀ ਬਜ਼ੁਰਗ ਲੇਲੇ ਦੇ ਅੱਗੇ ਡਿੱਗ ਪਏ ਅਤੇ ਹਰੇਕ ਦੇ ਕੋਲ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ, ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ।
9 ਅਤੇ ਉਹ ਇਹ ਆਖਦੇ ਹੋਏ ਇੱਕ ਨਵਾਂ ਗੀਤ ਗਾਉਂਦੇ ਸਨ, - ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ, ਕਿਉਂਕਿ ਤੂੰ ਬਲੀਦਾਨ ਕੀਤਾ ਗਿਆ ਸੀ, ਅਤੇ ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ,
10 ਅਤੇ ਉਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ।
11 ਤਾਂ ਮੈਂ ਦੇਖਿਆ ਅਤੇ ਸਿੰਘਾਸਣ, ਉਹਨਾਂ ਪ੍ਰਾਣੀਆਂ, ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤਿਆਂ ਦੂਤਾਂ ਦੀ ਅਵਾਜ਼ ਸੁਣੀ ਅਤੇ ਉਹਨਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ।
12 ਅਤੇ ਉਹ ਵੱਡੀ ਅਵਾਜ਼ ਨਾਲ ਇਹ ਆਖਦੇ ਸਨ, - ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ ਸਮਰੱਥਾ, ਧਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਯੋਗ ਹੈ!
13 ਹਰੇਕ ਰਚਨਾ ਨੂੰ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸੱਭੇ ਜੋ ਉਹਨਾਂ ਦੇ ਵਿੱਚ ਹਨ, ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ ਤੇ ਪਰਾਕਰਮ ਜੁੱਗੋ-ਜੁੱਗ ਹੋਵੇ!
14 ਚਾਰੇ ਪ੍ਰਾਣੀ ਬੋਲੇ, “ਆਮੀਨ” ਅਤੇ ਉਹਨਾਂ ਬਜ਼ੁਰਗਾਂ ਨੇ ਡਿੱਗ ਕੇ ਮੱਥਾ ਟੇਕਿਆ।
Indian Revised Version (Punjabi) — © 2017, 2019 Bridge Connectivity Solutions — CC BY-SA 4.0