ਬਾਈਬਲ · Indian Revised Version (Punjabi)

ਨਿਆਂਈਆਂ ਦੀ ਪੋਥੀ 12

1 ਇਫ਼ਰਾਈਮ ਦੇ ਲੋਕ ਇਕੱਠੇ ਹੋ ਕੇ ਸਾਪੋਨ ਵੱਲ ਗਏ ਅਤੇ ਯਿਫ਼ਤਾਹ ਨੂੰ ਕਿਹਾ, “ਜਦ ਤੂੰ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਤਾਂ ਸਾਨੂੰ ਕਿਉਂ ਨਹੀਂ ਬੁਲਾਇਆ ਤਾਂ ਜੋ ਅਸੀਂ ਵੀ ਤੇਰੇ ਨਾਲ ਜਾਂਦੇ? ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਫੂਕ ਦਿਆਂਗੇ।”

2 ਤਦ ਯਿਫ਼ਤਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋਇਆ ਸੀ, ਅਤੇ ਜਦ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਨਾ ਛੁਡਾਇਆ।

3 ਜਦ ਮੈਂ ਵੇਖਿਆ ਕਿ ਤੁਹਾਡੇ ਵੱਲੋਂ ਮੇਰਾ ਬਚਾਉ ਨਹੀਂ ਹੁੰਦਾ ਤਾਂ ਮੈਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਪਾਰ ਗਿਆ ਅਤੇ ਅੰਮੋਨੀਆਂ ਦਾ ਸਾਹਮਣਾ ਕੀਤਾ, ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹੱਥ ਕਰ ਦਿੱਤਾ, ਫਿਰ ਤੁਸੀਂ ਅੱਜ ਦੇ ਦਿਨ ਮੇਰੇ ਨਾਲ ਲੜਨ ਨੂੰ ਕਿਉਂ ਚੜ੍ਹ ਆਏ ਹੋ?”

4 ਤਦ ਯਿਫ਼ਤਾਹ ਨੇ ਸਾਰੇ ਗਿਲਆਦੀਆਂ ਨੂੰ ਇਕੱਠੇ ਕਰਕੇ ਇਫ਼ਰਾਈਮੀਆਂ ਨਾਲ ਲੜਾਈ ਕੀਤੀ, ਅਤੇ ਗਿਲਆਦੀਆਂ ਨੇ ਇਫ਼ਰਾਈਮੀਆਂ ਨੂੰ ਮਾਰ ਲਿਆ ਕਿਉਂ ਜੋ ਉਹ ਕਹਿੰਦੇ ਸਨ, “ਤੁਸੀਂ ਗਿਲਆਦੀ, ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੀਆਂ ਦੇ ਵਿਚਕਾਰ ਰਹਿੰਦੇ ਹੋ!”

5 ਅਤੇ ਗਿਲਆਦੀਆਂ ਨੇ ਯਰਦਨ ਦੇ ਕੰਢਿਆਂ ਉੱਤੇ ਜੋ ਇਫ਼ਰਾਈਮ ਦੇ ਸਾਹਮਣੇ ਸਨ, ਕਬਜ਼ਾ ਕਰ ਲਿਆ ਅਤੇ ਜਦ ਕੋਈ ਇਫ਼ਰਾਈਮੀ ਭਗੌੜਾ ਆ ਕੇ ਕਹਿੰਦਾ, “ਮੈਨੂੰ ਪਾਰ ਲੰਘਣ ਦਿਉ,” ਤਾਂ ਗਿਲਆਦੀ ਉਸ ਨੂੰ ਪੁੱਛਦੇ, “ਕੀ ਤੂੰ ਇਫ਼ਰਾਈਮੀ ਹੈਂ?” ਅਤੇ ਜੇਕਰ ਉਹ ਕਹਿੰਦਾ, “ਨਹੀਂ”

6 ਤਾਂ ਉਹ ਉਸ ਨੂੰ ਕਹਿੰਦੇ, “ਭਲਾ, ਸ਼ਿੱਬੋਲਥ ਤਾਂ ਬੋਲ” ਅਤੇ ਉਹ ਕਹਿੰਦਾ “ਸਿੱਬੋਲਥ” ਕਿਉਂ ਜੋ ਉਹ ਇਸ ਗੱਲ ਨੂੰ ਠੀਕ ਤਰ੍ਹਾਂ ਨਹੀਂ ਬੋਲ ਸਕਦਾ ਸੀ, ਤਾਂ ਉਹ ਉਸ ਨੂੰ ਫੜ੍ਹ ਕੇ ਯਰਦਨ ਦੇ ਕੰਢਿਆਂ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।

7 ਯਿਫ਼ਤਾਹ ਨੇ ਛੇ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ। ਇਸ ਤੋਂ ਬਾਅਦ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਨਗਰ ਵਿੱਚ ਦੱਬਿਆ ਗਿਆ।

8 ਉਸ ਦੇ ਬਾਅਦ ਬੈਤਲਹਮ ਵਾਸੀ ਇਬਸਾਨ ਇਸਰਾਏਲ ਦਾ ਨਿਆਈਂ ਬਣਿਆ।

9 ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ, ਅਤੇ ਉਸ ਨੇ ਆਪਣੀਆਂ ਸਾਰੀਆਂ ਧੀਆਂ ਪਰਦੇਸ ਵਿੱਚ ਵਿਆਹ ਦਿੱਤੀਆਂ ਅਤੇ ਆਪਣੇ ਤੀਹ ਪੁੱਤਰਾਂ ਲਈ ਪਰਦੇਸ ਤੋਂ ਤੀਹ ਨੂੰਹਾਂ ਲੈ ਆਇਆ। ਉਹ ਸੱਤ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਈਂ ਬਣਿਆ ਰਿਹਾ।

10 ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ।

11 ਉਸ ਦੇ ਬਾਅਦ ਜ਼ਬੂਲੁਨੀ ਏਲੋਨ ਇਸਰਾਏਲੀਆਂ ਦਾ ਨਿਆਈਂ ਬਣਿਆ ਅਤੇ ਉਹ ਦਸ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕਰਦਾ ਰਿਹਾ।

12 ਫਿਰ ਜ਼ਬੂਲੁਨੀ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇਸ਼ ਦੇ ਅੱਯਾਲੋਨ ਵਿੱਚ ਦੱਬਿਆ ਗਿਆ।

13 ਉਸ ਦੇ ਬਾਅਦ ਹਿੱਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਇਸਰਾਏਲ ਦਾ ਨਿਆਈਂ ਬਣਿਆ।

14 ਉਸ ਦੇ ਚਾਲ੍ਹੀ ਪੁੱਤਰ ਅਤੇ ਤੀਹ ਪੋਤਰੇ ਸਨ, ਜਿਹੜੇ ਗਧੀਆਂ ਦੇ ਸੱਤਰ ਬੱਚਿਆਂ ਉੱਤੇ ਸਵਾਰ ਹੁੰਦੇ ਸਨ। ਉਸ ਨੇ ਅੱਠ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ।

15 ਤਦ ਹਿੱਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਇਫ਼ਰਾਈਮ ਦੇਸ਼ ਦੇ ਫਿਰਾਤੋਨ ਵਿੱਚ, ਜੋ ਅਮਾਲੇਕ ਦੇ ਪਹਾੜੀ ਦੇਸ਼ ਵਿੱਚ ਹੈ, ਦੱਬਿਆ ਗਿਆ।

Indian Revised Version (Punjabi) — © 2017, 2019 Bridge Connectivity Solutions — CC BY-SA 4.0