ਬਾਈਬਲ · Indian Revised Version (Punjabi)
ਹੋਸ਼ੇਆ 14
1 ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੂੰ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ।
2 ਆਪਣੇ ਅੰਗੀਕਾਰ ਦੇ ਬਚਨਾਂ ਨੂੰ ਲੈ ਕੇ ਯਹੋਵਾਹ ਵੱਲ ਮੁੜੋ, ਉਹ ਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਦੀ ਭੇਟ ਚੜ੍ਹਾਵਾਂਗੇ।
3 ਅੱਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜ੍ਹਾਂਗੇ, ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ “ਸਾਡਾ ਪਰਮੇਸ਼ੁਰ” ਨਹੀਂ ਮੰਨਾਂਗੇ। ਤੇਰੇ ਕੋਲੋਂ ਯਤੀਮ ਰਹਿਮ ਨੂੰ ਪ੍ਰਾਪਤ ਕਰਦਾ ਹੈ।
4 ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹੱਟ ਗਿਆ ਹੈ।
5 ਮੈਂ ਇਸਰਾਏਲ ਲਈ ਤ੍ਰੇਲ ਵਾਂਗੂੰ ਹੋਵਾਂਗਾ, ਉਹ ਸੋਸਨ ਵਾਂਗੂੰ ਹਰਾ-ਭਰਾ ਹੋਵੇਗਾ, ਅਤੇ ਲਬਾਨੋਨ ਵਾਂਗੂੰ ਆਪਣੀ ਜੜ੍ਹ ਫੜ੍ਹੇਗਾ।
6 ਉਹ ਦੀਆਂ ਟਹਿਣੀਆਂ ਫੈਲਣਗੀਆਂ, ਉਹ ਦਾ ਸੁਹੱਪਣ ਜ਼ੈਤੂਨ ਦੇ ਰੁੱਖ ਵਾਂਗੂੰ ਹੋਵੇਗਾ, ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਗੂੰ।
7 ਲੋਕ ਉਹ ਦੇ ਸਾਏ ਦੇ ਵਿੱਚ ਮੁੜਨਗੇ, ਉਹ ਕਣਕ ਵਾਂਗੂੰ ਜੀਉਣਗੇ, ਅਤੇ ਅੰਗੂਰੀ ਬੇਲ ਵਾਂਗੂੰ ਹਰੇ ਭਰੇ ਹੋ ਜਾਣਗੇ, ਉਨ੍ਹਾਂ ਦੀ ਮਸ਼ਹੂਰੀ ਲਬਾਨੋਨ ਦੀ ਮੈਅ ਵਰਗੀ ਹੋਵੇਗੀ।
8 ਹੇ ਇਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ? ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ, ਮੈਂ ਹਰੇ ਸਰੂ ਵਾਂਗੂੰ ਹਾਂ, ਤੇਰਾ ਫਲ ਮੇਰੇ ਤੋਂ ਹੀ ਮਿਲਦਾ ਹੈ।
9 ਕੌਣ ਬੁੱਧਵਾਨ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝੇ? ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ? ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ।
Indian Revised Version (Punjabi) — © 2017, 2019 Bridge Connectivity Solutions — CC BY-SA 4.0