ਬਾਈਬਲ · Indian Revised Version (Punjabi)

ਉਤਪਤ 48

1 ਕੁਝ ਦਿਨਾਂ ਤੋਂ ਬਾਅਦ ਇਹ ਹੋਇਆ ਕਿ ਕਿਸੇ ਨੇ ਯੂਸੁਫ਼ ਨੂੰ ਆਖਿਆ, ਵੇਖੋ, ਤੁਹਾਡਾ ਪਿਤਾ ਬਿਮਾਰ ਹੈ। ਤਦ ਉਸ ਨੇ ਆਪਣੇ ਦੋਹਾਂ ਪੁੱਤਰਾਂ ਮਨੱਸ਼ਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲਿਆ।

2 ਕਿਸੇ ਨੇ ਯਾਕੂਬ ਨੂੰ ਦੱਸਿਆ, ਵੇਖੋ ਤੁਹਾਡਾ ਪੁੱਤਰ ਯੂਸੁਫ਼ ਤੁਹਾਡੇ ਕੋਲ ਆਉਂਦਾ ਹੈ। ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰ ਕੇ ਆਪਣੇ ਮੰਜੇ ਉੱਤੇ ਬੈਠ ਗਿਆ।

3 ਯਾਕੂਬ ਨੇ ਯੂਸੁਫ਼ ਨੂੰ ਆਖਿਆ, ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ਼ ਵਿੱਚ ਲੂਜ਼ ਕੋਲ ਦਰਸ਼ਣ ਦਿੱਤਾ ਅਤੇ ਮੈਨੂੰ ਬਰਕਤ ਦਿੱਤੀ

4 ਅਤੇ ਮੈਨੂੰ ਆਖਿਆ, ਵੇਖ, ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਤੇ ਤੈਥੋਂ ਬਹੁਤ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਬਾਅਦ ਇਹ ਦੇਸ਼ ਸਦਾ ਲਈ ਤੇਰੇ ਵੰਸ਼ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ।

5 ਹੁਣ ਤੇਰੇ ਦੋਵੇਂ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾਂ ਪੈਦਾ ਹੋਏ ਸਨ, ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ਹ ਮੇਰੇ ਹੀ ਪੁੱਤਰ ਹਨ,

6 ਅਤੇ ਉਨ੍ਹਾਂ ਦੇ ਬਾਅਦ ਜਿਹੜੀ ਸੰਤਾਨ ਤੈਥੋਂ ਪੈਦਾ ਹੋਵੇਗੀ, ਉਹ ਤੇਰੀ ਹੋਵੇਗੀ। ਪਰ ਓਹ ਆਪਣੇ ਹਿੱਸੇ ਦੀ ਵੰਡ ਵਿੱਚ ਆਪਣੇ ਭਰਾਵਾਂ ਦੇ ਨਾਮ ਤੋਂ ਪੁਕਾਰੀ ਜਾਵੇਗੀ।

7 ਜਦ ਮੈਂ ਪਦਨ ਤੋਂ ਆ ਰਿਹਾ ਸੀ, ਤਦ ਰਸਤੇ ਵਿੱਚ ਜਦ ਅਫਰਾਥ ਥੋੜ੍ਹੀ ਹੀ ਦੂਰ ਰਹਿ ਗਿਆ ਸੀ ਤਾਂ ਕਨਾਨ ਦੇਸ਼ ਵਿੱਚ ਰਾਖ਼ੇਲ ਮੇਰੇ ਸਾਹਮਣੇ ਮਰ ਗਈ ਅਤੇ ਮੈਂ ਉਸ ਨੂੰ ਉੱਥੇ ਹੀ ਅਫਰਾਥ ਜੋ ਬੈਤਲਹਮ ਵੀ ਅਖਵਾਉਂਦਾ ਹੈ, ਦੇ ਰਸਤੇ ਵਿੱਚ ਦਫ਼ਨਾ ਦਿੱਤਾ।

8 ਇਹੋ ਹੀ ਬੈਤਲਹਮ ਹੈ। ਫੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤਰਾਂ ਨੂੰ ਵੇਖ ਕੇ ਆਖਿਆ, ਇਹ ਕੌਣ ਹਨ?

9 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਇਹ ਮੇਰੇ ਪੁੱਤਰ ਹਨ, ਜਿਹੜੇ ਪਰਮੇਸ਼ੁਰ ਨੇ ਮੈਨੂੰ ਇੱਥੇ ਦਿੱਤੇ ਹਨ। ਉਸ ਨੇ ਆਖਿਆ, ਉਨ੍ਹਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਨ੍ਹਾਂ ਨੂੰ ਬਰਕਤ ਦੇਵਾਂ।

10 ਪਰ ਬਜ਼ੁਰਗ ਹੋਣ ਦੇ ਕਾਰਨ ਇਸਰਾਏਲ ਦੀਆਂ ਅੱਖਾਂ ਧੁੰਦਲੀਆਂ ਹੋ ਗਈਆਂ ਸਨ, ਕਿ ਉਹ ਵੇਖ ਨਹੀਂ ਸਕਦਾ ਸੀ, ਤਦ ਯੂਸੁਫ਼ ਉਨ੍ਹਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਨ੍ਹਾਂ ਨੂੰ ਚੁੰਮਿਆ ਅਤੇ ਉਨ੍ਹਾਂ ਨੂੰ ਗਲ਼ ਲਾਇਆ

11 ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ ਵੀ ਨਹੀਂ ਸੀ, ਪਰ ਵੇਖ ਤੇਰੀ ਅੰਸ ਵੀ ਪਰਮੇਸ਼ੁਰ ਨੇ ਮੈਨੂੰ ਵਿਖਾਲ ਦਿੱਤੀ ਹੈ।

12 ਤਦ ਯੂਸੁਫ਼ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਤੇ ਆਪਣਾ ਮੂੰਹ ਧਰਤੀ ਤੱਕ ਨਿਵਾਇਆ

13 ਅਤੇ ਯੂਸੁਫ਼ ਨੇ ਉਨ੍ਹਾਂ ਦੋਹਾਂ ਨੂੰ ਲਿਆ, ਇਫ਼ਰਾਈਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਏਲ ਦੇ ਖੱਬੇ ਪਾਸੇ, ਅਤੇ ਮਨੱਸ਼ਹ ਨੂੰ ਆਪਣੇ ਖੱਬੇ ਹੱਥ ਨਾਲ ਇਸਰਾਏਲ ਦੇ ਸੱਜੇ ਪਾਸੇ ਲਿਆਂਦਾ ਅਤੇ ਉਸ ਦੇ ਨੇੜੇ ਕੀਤਾ।

14 ਤਦ ਇਸਰਾਏਲ ਨੇ ਆਪਣਾ ਸੱਜਾ ਹੱਥ ਵਧਾ ਕੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ, ਜਿਹੜਾ ਛੋਟਾ ਪੁੱਤਰ ਸੀ ਅਤੇ ਆਪਣਾ ਖੱਬਾ ਹੱਥ ਮਨੱਸ਼ਹ ਦੇ ਸਿਰ ਉੱਤੇ ਰੱਖਿਆ। ਉਸ ਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਮਨੱਸ਼ਹ ਪਹਿਲੌਠਾ ਸੀ।

15 ਉਸ ਨੇ ਯੂਸੁਫ਼ ਨੂੰ ਬਰਕਤ ਦੇ ਕੇ ਆਖਿਆ, ਪਰਮੇਸ਼ੁਰ ਜਿਸ ਦੇ ਸਨਮੁਖ ਮੇਰਾ ਪਿਤਾ ਅਬਰਾਹਾਮ ਅਤੇ ਇਸਹਾਕ ਚੱਲਦੇ ਰਹੇ ਅਤੇ ਉਹ ਪਰਮੇਸ਼ੁਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੱਕ ਮੇਰੀ ਪਾਲਣਾ ਕੀਤੀ,

16 ਅਤੇ ਉਹੀ ਦੂਤ ਜਿਹੜਾ ਸਾਰੀ ਬੁਰਿਆਈ ਤੋਂ ਮੈਨੂੰ ਛੁਡਾਉਂਦਾ ਆਇਆ ਹੈ, ਉਹ ਹੀ ਇਨ੍ਹਾਂ ਮੁੰਡਿਆਂ ਨੂੰ ਬਰਕਤ ਦੇਵੇ ਅਤੇ ਉਨ੍ਹਾਂ ਨੂੰ ਮੇਰੇ ਨਾਮ ਅਤੇ ਮੇਰੇ ਪਿਤਾ ਅਬਰਾਹਾਮ ਅਤੇ ਇਸਹਾਕ ਦੇ ਨਾਮ ਤੋਂ ਬੁਲਾਇਆ ਜਾਵੇ ਅਤੇ ਇਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ।

17 ਜਦ ਯੂਸੁਫ਼ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਹੈ ਤਾਂ ਉਸ ਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਇਸ ਲਈ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹਟਾ ਕੇ ਮਨੱਸ਼ਹ ਦੇ ਸਿਰ ਉੱਤੇ ਰੱਖੇ।

18 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, ਪਿਤਾ ਜੀ, ਅਜਿਹਾ ਨਾ ਹੋਵੇ, ਕਿਉਂ ਜੋ ਉਹ ਪਹਿਲੌਠਾ ਹੈ। ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ।

19 ਪਰ ਉਸ ਦੇ ਪਿਤਾ ਨੇ ਇਨਕਾਰ ਕਰਕੇ ਆਖਿਆ, ਮੈਂ ਜਾਣਦਾ ਹਾਂ, ਮੇਰੇ ਪੁੱਤਰ ਮੈਂ ਜਾਣਦਾ ਹਾਂ। ਇਸ ਤੋਂ ਵੀ ਇੱਕ ਕੌਮ ਹੋਵੇਗੀ ਅਤੇ ਇਹ ਵੀ ਵੱਡਾ ਹੋਵੇਗਾ ਪਰ ਉਸ ਦਾ ਛੋਟਾ ਭਰਾ ਇਸ ਨਾਲੋਂ ਵੱਡਾ ਹੋਵੇਗਾ ਅਤੇ ਉਸ ਦੀ ਅੰਸ ਤੋਂ ਬਹੁਤ ਸਾਰੀਆਂ ਕੌਮਾਂ ਹੋਣਗੀਆਂ।

20 ਫਿਰ ਉਸ ਨੇ ਉਸੇ ਦਿਨ ਉਨ੍ਹਾਂ ਨੂੰ ਬਰਕਤ ਦੇ ਕੇ ਆਖਿਆ, ਇਸਰਾਏਲ ਤੇਰਾ ਨਾਮ ਲੈ ਕੇ ਅਤੇ ਇਹ ਆਖ ਕੇ ਬਰਕਤ ਦਿਆ ਕਰੇਗਾ ਕਿ ਪਰਮੇਸ਼ੁਰ ਤੈਨੂੰ ਇਫ਼ਰਾਈਮ ਅਤੇ ਮਨੱਸ਼ਹ ਵਰਗਾ ਬਣਾਵੇ। ਸੋ ਉਸ ਨੇ ਇਫ਼ਰਾਈਮ ਨੂੰ ਮਨੱਸ਼ਹ ਨਾਲੋਂ ਅੱਗੇ ਰੱਖਿਆ।

21 ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਵੇਖ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਤੁਹਾਡੇ ਸੰਗ ਹੋਵੇਗਾ ਅਤੇ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ਼ ਵਿੱਚ ਮੁੜ ਲੈ ਆਵੇਗਾ।

22 ਅਤੇ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵੱਧ ਇੱਕ ਉਪਜਾਊ ਇਲਾਕਾ ਦਿੱਤਾ ਹੈ, ਜਿਹੜਾ ਮੈਂ ਯੁੱਧ ਵਿੱਚ ਆਪਣੀ ਤਲਵਾਰ ਅਤੇ ਧਣੁੱਖ ਨਾਲ ਅਮੋਰੀਆਂ ਦੇ ਹੱਥੋਂ ਲੈ ਲਿਆ ਸੀ।

Indian Revised Version (Punjabi) — © 2017, 2019 Bridge Connectivity Solutions — CC BY-SA 4.0